ਗੁਰਬਾਣੀ ਗੁਲਦਸੱਤਾ 


ਵਾਹਿਗੁਰੂ  ਜੀ ਸਾਨੂੰ ਬਖਸ਼ ਲਵੋ

ਗੁਰੂ ਪਿਤਾ ਜੀ ਅਸੀਂ ਹੁਣ ਪਾਪ ਕਰ-ਕਰ ਕੇ ਥੱਕ ਚੁੱਕੇ ਹਾਂ, ਹੁਣ ਸਾਡੀ ਲਾਜ ਰੱਖ ਲਵੋ, ਅਸੀਂ ਵਿਕਾਰਾਂ ਵਿੱਚ ਫਸ ਕੇ, ਅਸੀਂ ਲੋਭ ਲਾਲਚ ਵੱਸ ਕੁਛ ਖੱਟ ਵੀ ਨਹੀਂ ਸਕੇ ਅਤੇ ਆਪਣੇ ਆਪ ਨੂੰ ਤੁਹਾਡੇ ਸਾਹਮਣੇ ਲਿਆਉਣ ਜੋਗੇ ਵੀ ਨਹੀਂ ਰਹੇ। ਗੁਰੂ ਪਿਤਾ ਜੀ ਅਸੀਂ ਲੋਭੀ ਹਾਂ, ਪਾਪੀ ਹਾਂ, ਪਖੰਡੀ ਹਾਂ, ਅਸੀਂ ਕਾਮੀ ਹਾਂ, ਕ੍ਰੋਧੀ ਹਾਂ, ਸਾਨੂੰ ਆਪਣੀ ਚਰਨ ਸ਼ਰਨ ਚ ਰੱਖ ਲਵੋ, ਦਾਤਾ ਜੀਓ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ ਦਿਓ। ਇੱਕੋ ਇੱਕ ਅੰਮ੍ਰਿਤ ਵੇਲਾ ਹੀ ਐਸਾ ਵੇਲਾ ਹੈ, ਜਿਹੜੇ ਸਾਡੇ ਵਿਅਰਥ ਗੁਆਏ ਵੇਲਿਆਂ ਨੂੰ ਬਖਸ਼ਾ ਸਕਦਾ ਹੈ। ਦਾਤਾ ਜੀ ਸਾਨੂੰ ਬਖਸ਼ ਲਵੋ, ਸਾਨੂੰ ਬਖਸ਼ ਲਵੋ ਜੀ। 

ਮੇਰੇ ਪਿਆਰੇ ਜੀਓ ਸਾਡਾ ਇੱਕੋ ਤਰਲਾ

ਮੇਰੇ ਪਿਆਰੇ ਸਤਿਗੁਰੂ ਸਾਹਿਬ ਜੀਓ ਹੁਣ ਤਾਂ ਇੱਕੋ ਤਰਲਾ ਹੈ, ਇੱਕੋ ਅਰਦਾਸ ਹੈ ਕਿ ਸਾਡੀ ਸੁਰਤੀ ਹੁਣ ਹਰ ਵੇਲੇ ਗੁਰਸ਼ਬਦ ਵਿੱਚ ਰਹੇ, ਦੁਨੀਆਂ ਦੇ ਰੰਗ ਤਮਾਸ਼ਿਆਂ ਵਿੱਚ ਅਸੀਂ ਆਪਣੇ ਉਲਝਾ ਕੇ ਵੇਖ ਲਿਆ ਹੈ, ਦੁਨੀਆਂ ਨੇ ਰੰਗ ਤਮਾਸ਼ੇ ਐਸੇ ਵਿਖਾਏ ਕਿ ਹੁਣ ਨਾ ਤਾਂ ਧੌਣ ਉਪਰ ਉਠਦੀ ਹੈ ਅਤੇ ਨਿਗ੍ਹਾ ਗੁਰਮੁਖਾਂ ਨਾਲ ਮਿਲਾਉਣ ਜੋਗੇ ਰਹੇ ਹਾਂ। ਦਾਤਾ ਜੀਓ ਕਿੱਥੇ ਬਖਸ਼ੇ ਜਾਵਾਂਗੇ, ਹੁਣ ਤਾਂ ਇੱਕੋ ਇੱਕ ਤੁਹਾਡੇ `ਤੇ ਹੀ ਡੋਰੀਆਂ ਨੇ, ਤੁਸੀਂ ਹੀ ਬਖਸ਼ਾ ਸਕਦੇ ਹਾਂ, ਦਾਤਾ ਜੀਓ ਸਾਨੂੰ ਬਖਸ਼ ਲੈਣਾ, ਬਖਸ਼ ਲੈਣਾ ਜੀ। ਇਹ ਤਰਲਾ ਹੈ ਦਾਤਾਰ ਪਿਤਾ ਜੀ ਆਪ ਜੀ ਦੇ ਸੋਹਣੇ ਚਰਨਾਂ ਵਿੱਚ।

ਰਸਾਂ ਭੋਗਾਂ ਦਾ ਸੁਆਦ

ਮੇਰਿਆ ਮਨਾ ਜੇ ਤੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਭਲਾ ਚਾਹੁੰਨਾਂ ਹੈਂ ਤਾਂ ਤੂੰ ਰੰਗਾਂ ਦੇ, ਰਸਾਂ ਦੇ ਅਤੇ ਭੋਗਾਂ ਦੇ ਸੁਆਦ ਛੱਡਦੇ। ਤਰ੍ਹਾਂ ਤਰ੍ਹਾਂ ਦੇ ਸੁਆਦ ਲੈਣੇ ਛੱਡ ਦੇ ਮੇਰਿਆ ਮਨਾ। ਜੇ ਤੂੰ ਰੰਗਲੇ-ਸੁਆਦ ਨਾ ਛੱਡੇ, ਤਾਂ ਇੱਕ ਦਿਨ ਤੈਨੂੰ ਤੇਰੇ ਸੁਆਦ ਦਿਨੇ ਹੀ ਤਾਰੇ ਵਿਖਾ ਦੇਣਗੇ। ਤੇਰੇ ਸੁਆਦ ਤੈਨੂੰ ਰੋਲ ਰੋਣਗੇ। ਸੁਆਦ ਕਿਸੇ ਪਾਸੇ ਜੋਗੇ ਨਹੀਂ ਛੱਡਣਗੇ। ਤੇਰੇ ਸੁਆਦ ਤੇਰੇ ਅੰਮ੍ਰਿਤ ਵੇਲੇ ਨੂੰ ਪਤਾ ਹੀ ਨਹੀਂ ਕਿੱਥੇ ਗੁਆ ਦੇਣਗੇ। ਮੇਰਿਆ ਮਨਾ ਜੇ ਤੂੰ ਸੁਆਦ ਨਾ ਛੱਡੇ, ਫਿਰ ਤੇਰਾ ਅੰਮ੍ਰਿਤ ਵੇਲਾ, ਸੰਧਿਆ ਵੇਲਾ ਹੀ ਦਲਦਲ ਵਿੱਚ ਨਹੀਂ ਧਸੇਗਾ, ਨਾਲ ਹੀ ਤੂੰ ਵੀ ਐਸੀ ਦਲਦਲ ਵਿੱਚ ਧਸ ਜਾਏਂਗਾ, ਜਿੱਥੋਂ ਤੈਨੂੰ ਕੋਈ ਵੀ ਨਹੀਂ ਕੱਢ ਸਕੇਗਾ।

ਪਤਾ ਨਹੀਂ ਅਸੀਂ ਕਿੰਨੇ ਅਪਰਾਧ ਕੀਤੇ ਨੇ

ਪਾਤਸ਼ਾਹ ਜੀਓ ਪਤਾ ਹੀ ਨਹੀਂ ਕਿੰਨੇ ਕੁ ਅਪਰਾਧ ਕੀਤੇ ਨੇ, ਕਿੰਨੇ ਕਰੀ ਜਾ ਰਹੇ ਹਾਂ। ਜੇ ਅੰਮ੍ਰਿਤ ਵੇਲਾ, ਸੰਧਿਆ ਵੇਲਾ ਨਾ ਸੰਭਾਲਿਆ, ਜੇ ਸੰਗਤ ਨਾ ਕੀਤੀ, ਜੇ ਨਿੰਦਿਆ ਚੁਗਲੀ ਹੀ ਕਰਦੇ ਰਹੇ, ਜੇ ਕੁਸੰਗਤ ਵਿੱਚ ਹੀ ਫਸੇ ਰਹੇ, ਫਿਰ ਹੋਰ ਪਤਾ ਨਹੀਂ ਸਾਡੇ ਅਪਰਾਧਾਂ ਦਾ ਚਿੱਠਾ ਕਿੰਨਾ ਕੁ ਲੰਬਾ ਹੋ ਜਾਏਗਾ। ਦਾਤਾ ਜੀ ਆਪ ਜੀ ਦੇ ਚਰਨਾਂ ਵਿੱਚ ਮਸਤਕ ਰੱਖਕੇ ਤਰਲਾ ਪਾ ਰਹੇ ਹਾਂ, ਸਾਨੂੰ ਬਖਸ਼ ਲਵੋ, ਸਾਨੂੰ ਅੰਮ੍ਰਿਤ ਵੇਲੇ ਤੁਸੀਂ ਆਪ ਉਠਾ ਲਿਆ ਕਰੋ ਦਾਤਾ ਜੀ, ਸ਼ਾਮੀ ਸੋਦਰ ਰਹਿਰਾਸ ਸਾਹਿਬ ਅਤੇ ਸੌਣ ਲੱਗਿਆਂ ਸਾਨੂੰ ਸੋਹਿਲਾ ਸਾਹਿਬ ਜੀ ਦੀ ਸੇਵਾ ਜ਼ਰੂਰ ਬਖਸ਼ਿਆ ਕਰੋ ਜੀ। ਸਾਨੂੰ ਸੰਗਤ ਬਖਸ਼ੋ ਦਾਤਾ ਜੀਓ ਸਾਨੂੰ ਸੰਗਤ ਬਖਸ਼ੋ ਜੀ।

ਪਿਆਰੇ, ਸੰਤ, ਮਹਾਂਪੁਰਸ਼ ਕੌਣ

ਜਿਹਨਾਂ ਦੀ ਜ਼ੁਬਾਨ ਵਿੱਚ ਬਰਕਤ ਹੋਵੇ, ਉਹਨਾਂ ਨੂੰ ਕੋਈ ਗੁਰਮੁਖ ਕਹਿੰਦਾ ਹੈ, ਕੋਈ ਪਿਆਰਾ ਕਹਿੰਦਾ ਹੈ, ਕੋਈ ਮਹਾਂਪੁਰਸ਼ ਕਹਿੰਦਾ ਹੈ। ਜੀ ਹਾਂ ਜਿਹਨਾਂ ਨੇ ਆਪਣੀ ਸ਼ਬਦ ਅਭਿਆਸ ਕਮਾਈ ਰੱਜ ਰੱਜ ਕੇ ਕੀਤੀ, ਉਹਨਾਂ ਦੀ ਜ਼ੁਬਾਨ ਵਿੱਚੋਂ ਨਿੱਕਲੇ ਬੋਲ ਵੀ ਬਚਨ ਬਣ ਜਾਂਦੇ ਨੇ। ਇਹ ਐਸੇ ਤੀਰ ਹੁੰਦੇ ਨੇ, ਜੇ ਇਹਨਾਂ ਨੂੰ ਸਬਰ, ਸੰਤੋਖ ਅਤੇ ਸਹਿਸ਼ੀਲਤਾ ਦੀ ਢਾਲ ਨਾਲ ਸੰਭਾਲਣ ਵਿੱਚ ਹੀ ਸਾਡਾ ਭਲਾ ਹੈ। ਸੋ ਭਾਈ ਜੇ ਰੰਗਿਆਂ ਕੋਲੋਂ ਕੋਈ ਬਚਨ ਲੈਣਾ ਹੈ ਤਾਂ ਲੈਣ ਤੋਂ ਪਹਿਲਾਂ ਆਪਣੇ ਅੰਦਰ ਪਗਾਉਣ ਦੀ ਹਿੰਮਤ ਇਕੱਠੀ ਕਰੋ ਜੀ।

ਜੀਭਾ ਤੋਂ ਰਸਨਾ ਤੱਕ ਦਾ ਸਫਰ

ਜਿਹਨਾਂ ਨੇ ਆਪਣੀ ਜੀਭਾ ਕੋਲੋਂ ਵੱਧ ਤੋਂ ਵੱਧ ਸਮਾਂ ਗੁਰਸ਼ਬਦ ਜਪਣ ਦਾ ਕੰਮ ਲਿਆ, ਉਹਨਾਂ ਦੀ ਤਾਂ ਜੀਭਾ ਵੀ ਰਸਨਾ ਬਣ ਗਈ। ਫਿਰ ਧਿਆਨ ਵਿੱਚ ਇਹ ਰਸਨਾ ਕਿਤੇ ਦੁਬਾਰਾ ਫਿਰ ਜੀਭਾ ਨਾ ਬਣ ਜਾਵੇ। ਇਸ ਰਸਨਾ ਰਾਹੀਂ ਲਗਾਤਾਰ ਜਪੀ ਜਾਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿੰਨਾ ਤੁਸੀਂ ਰਸਨਾ ਰਾਹੀਂ ਵਾਹਿਗੁਰੂ ਵਾਹਿਗੁਰੂ ਜਪੀ ਜਾਉਂਗੇ, ਓਨਾ ਹੀ ਤੁਹਾਡਾ ਚਿਹਰਾ ਦਰਸ਼ਨੀ ਹੁੰਦਾ ਜਾਏਗਾ। ਜਿਵੇਂ ਜਿਵੇਂ ਤੁਹਾਡਾ ਚਿਹਰਾ ਦਰਸ਼ਨੀ ਹੁੰਦਾ ਜਾਏਗਾ, ਤਿਵੇਂ ਤਿਵੇਂ ਤੁਹਾਡੇ ਸਾਰੇ ਚੱਲ ਰਹੇ ਅਤੇ ਜਾਂ ਫਿਰ ਰੁਕੇ ਹੋਏ ਕਾਰਜ ਵੀ ਵਾਹਿਗੁਰੂ ਆਪ ਕਰੇਗੀ। ਗੁਰੂ ਪਿਆਰਿਓ ਆਪਣੇ ਭਰੋਸੇ ਨੂੰ ਤਕੜਾ ਰੱਖਿਆ ਕਰੋ। ਤੁਹਾਡਾ ਭਰੋਸਾ ਹੀ ਤੁਹਾਡੀਆਂ ਝੋਲੀਆਂ ਬਖਸ਼ਿਸ਼ਾਂ ਨਾਲ ਭਰੇਗਾ ਜੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।