ਅਸੀਂ ਗੁਨਾਹ ਕਬੂਲ ਕਰਦੇ ਹਾਂ (ਭਾਗ - ਪਹਿਲਾ)
ਅਸੀਂ ਗੁਨਾਹ ਕਬੂਲ ਕਰਦੇ ਹਾਂ ।
ਧੰਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਸਰਬ ਸ਼ਕਤੀਮਾਨ ਨੇ, ਸਤਿਗੁਰੂ ਸਮਰੱਥ ਨੇ ਸਾਡੇ ਪਾਪਾਂ ਦੇ ਪਹਾੜ ਤੋੜਣ ਦੇ। ਦਾਤਾ ਜੀ ਬਖਸ਼ਣਹਾਰ ਨੇ, ਜੀ ਹਾਂ ਵਾਕਿਆ ਹੀ ਦਾਤਾ ਜੀ ਬਖਸ਼ਣਹਾਰ ਨੇ। ਬੋਲਦੇ, ਸੁਣਦੇ, ਵੇਖਦੇ ਹਾਜ਼ਰਾ ਹਜ਼ੂਰ ਦਾਤਾ ਜੀ ਤਾਰਨਹਾਰ ਹੀ ਨਹੀਂ, ਇਹ ਤਾਂ ਤਰਸ ਦੇ ਸਾਗਰ ਵੀ ਨੇ। ਹੋਰ ਤਾਂ ਹੋਰ ਇਹ ਐਨੇ ਦਇਆਲੂ ਨੇ, ਐਨੇ ਕ੍ਰਿਪਾਲੂ ਨੇ, ਆਪਣੇ ਬੱਚਿਆਂ ਦੇ ਮਨਾਂ ਦੀਆਂ ਬੁੱਝ ਕੇ, ਉਹਨਾਂ ਦੇ ਸਿਰਾਂ `ਤੇ ਹੱਥ ਰੱਖਕੇ ਉਹਨਾਂ ਨੂੰ ਪਿਆਰ ਵੀ ਦਿੰਦੇ ਨੇ। ਆਪਾਂ ਸਾਰੇ ਬੱਚੇ ਹਾਂ, ਆਪਣੇ ਕੋਲੋਂ ਸੁਆਸ ਸੁਆਸ ਗਲਤੀਆਂ ਹੋ ਜਾਂਦੀਆਂ ਨੇ। ਬੱਚਾ ਜਿੰਨੀਆਂ ਮਰਜ਼ੀ ਭੁੱਲਾਂ ਕਰ ਲਵੇ, ਪਰ ਓਹ ਆਪਣੇ ਬਾਪ ਕੋਲ ਜਾ ਕੇ ਸੱਚ ਬੋਲ ਕੇ ਇੱਕ ਵਾਰ ਆਪਣੀ ਵੱਡੀ ਤੋਂ ਵੱਡੀ ਭੁੱਲ ਵੀ ਜੇ ਪ੍ਰਵਾਨ ਕਰ ਲਵੇਗਾ ਤਾਂ ਪਿਤਾ ਆਪਣੇ ਬੱਚੇ ਦੀ ਭੁੱਲ ਨੂੰ ਭੁੱਲਕੇ ਓਹਨੂੰ ਗਲ਼ ਲਾ ਲਵੇਗਾ।
ਇੰਜ ਹੀ ਹੋਇਆ ਇੱਕ ਵਾਰ ਇੱਕ ਰਾਜਾ ਰਸਤੇ ਵਿੱਚੋਂ ਜਾ ਰਿਹਾ ਸੀ, ਜਦੋਂ ਉਹ ਇੱਕ ਕੋਤਵਾਲੀ ਕੋਲ ਲੰਘਣ ਲੱਗਿਆ ਤਾਂ ਕੋਤਵਾਲੀ ਅੰਦਰ ਕੈਦ 5 ਮੁਜਰਮ, ਰਾਜੇ ਨੂੰ ਵੇਖ ਕੇ, ਕੋਤਵਾਲੀ ਦੇ ਗੇਟ ਕੋਲ ਆ ਗਏ। ਪਹਿਲਾ ਕਹਿਣ ਲੱਗਾ, ਹਜ਼ੂਰ ਮੇਰਾ ਕੋਈ ਕਸੂਰ ਨਹੀਂ ਸੀ, ਕਾਜ਼ੀ ਨੇ ਮੈਨੂੰ ਕਿਸੇ ਰੰਜ਼ਿਸ਼ ਨਾਲ ਫਸਾ ਦਿੱਤਾ ਹੈ, ਦੂਜਾ ਕਹਿੰਦਾ, ਮੈਂ ਕੋਈ ਗੁਨਾਹ ਨਹੀਂ ਕੀਤਾ ਸੀ, ਫਿਰ ਕੈਦ ਵਿੱਚ ਹਾਂ, ਤੀਜਾ ਕਹਿੰਦਾ ਮੈਨੂੰ ਕਿਸੇ ਨੇ ਚੁਗਲੀ ਕਰਕੇ ਫਸਾਇਆ ਹੈ, ਚੌਥਾ ਬੋਲਿਆ ਰਾਜਨ ਮੈਂ ਚੋਰੀ ਨਹੀਂ ਕੀਤੀ, ਪਰ ਮੈਂ ਫਿਰ ਸਜ਼ਾ ਭੁਗਤ ਰਿਹਾ ਹਾਂ। ਰਾਜਾ ਚੁੱਪ ਰਿਹਾ। ਚੌਹਾਂ ਨੂੰ ਛੱਡਕੇ ਪੰਜਵੇਂ ਕੋਲ ਆਪ ਗਿਆ ਤੇ ਪੁੱਛਿਆ ਤੂੰ ਆਪਣੇ ਗੁਨਾਹ ਦੀ ਮੁਆਫੀ ਲਈ ਕਿਉਂ ਨਹੀਂ ਅਰਜ਼ ਕੀਤੀ? ਤਾਂ ਪੰਜਵਾਂ ਕੈਦੀ ਜਿਸ ਨੇ ਮੁਆਫੀ ਲਈ ਰਾਜੇ ਕੋਲ ਅਰਜ਼ ਨਹੀਂ ਕੀਤੀ ਸੀ, ਓਹ ਕਹਿੰਦਾ ਹਜ਼ੂਰ ਮੈਂ ਗੁਨਾਹ ਕੀਤਾ ਹੈ, ਮੈਂ ਆਪਣਾ ਗੁਨਾਹ ਕਬੂਲ ਕਰਦਾ ਹਾਂ, ਤੇ ਹੁਣ ਮੈਂ ਆਪਣੇ ਕੀਤੇ ਜੁਰਮ ਦੀ ਹੀ ਸਜ਼ਾ ਭੁਗਤ ਰਿਹਾ ਹਾਂ, ਇਸ ਲਈ ਮੈਂ ਮੁਆਫੀ ਦਾ ਹੱਕਦਾਰ ਨਹੀਂ ਹਾਂ।
ਰਾਜਾ ਖੁਸ਼ ਹੋ ਕੇ ਕਹਿੰਦਾ, ਇਹਨੇ ਸੱਚ ਬੋਲਿਆ ਹੈ, ਇਹਨੇ ਆਪਣਾ ਗੁਨਾਹ ਕਬੂਲ ਕੀਤਾ ਹੈ, ਇਸ ਨੂੰ ਕੈਦ ਵਿੱਚੋਂ ਅਜ਼ਾਦ ਕੀਤਾ ਜਾਵੇ। ਬਾਕੀ ਚਾਰੇ ਕੈਦੀ ਗੁਨਾਹ ਕਰਕੇ ਸਜ਼ਾ ਤਾਂ ਭੁਗਤ ਰਹੇ ਨੇ, ਪਰ ਅਜੇ ਵੀ ਆਪਣੇ ਗੁਨਾਹ ਕਬੂਲ ਕਰਨ ਨੂੰ ਤਿਆਰ ਨਹੀਂ। ਫਿਰ ਰਾਜਾ ਕਹਿੰਦਾ ਕੈਦ ਵਿੱਚੋਂ ਛੁਟਕਾਰਾ ਹੋ ਸਕਦਾ ਸੀ, ਪਰ ਜੇ ਇਹ ਸਾਰੇ ਆਪੋ ਆਪਣੇ ਗੁਨਾਹ ਕਬੂਲ ਕਰਕੇ ਅੱਗੇ ਤੋਂ ਗੁਨਾਹ ਨਾ ਕਰਨ ਦੀ ਤੌਬਾ ਕਰ ਲੈਂਦੇ।
ਸੋ ਗੁਰੂ ਪਿਆਰਿਓ ਆਪਣੇ ਸਤਿਗੁਰੂ ਤਾਂ ਇਸ ਰਾਜੇ ਨਾਲੋਂ ਕਿਤੇ ਅਨੰਤ ਗੁਣਾਂ ਵੱਧ ਦਇਆਲੂ ਕ੍ਰਿਪਾਲੂ ਨੇ। ਸਿੱਖ ਨੇ ਚਾਹੇ ਗੁਨਾਹ ਕੀਤਾ ਹੈ, ਚਾਹੇ ਨਹੀਂ ਕੀਤਾ, ਪਰ ਉਹ ਹਰ ਰੋਜ਼ ਅਰਦਾਸ ਵਿੱਚ ਕਹੇ: ਸਤਿਗੁਰੂ ਸੱਚੇ ਪਾਤਸ਼ਾਹ ਜੀਓ ਅੱਜ ਸਾਡੀਆਂ ਅੱਖਾਂ ਨੇ ਪਤਾ ਨਹੀਂ ਕਿੰਨੇ ਕੁ ਗੁਨਾਹ ਕੀਤੇ, ਅੱਜ ਸਾਡੇ ਕੰਨਾਂ ਨੇ ਪਤਾ ਨਹੀਂ ਕੁ ਗੁਨਾਹ ਕੀਤੇ ਨੇ, ਅਸੀਂ ਸਾਰੇ ਹੀ ਪ੍ਰਵਾਨ ਕਰਦੇ ਹਾਂ, ਸਾਡੇ ਗੁਨਾਹ ਬਖਸ਼ਣਯੋਗ ਤਾਂ ਨਹੀਂ ਨੇ, ਪਰ ਫਿਰ ਆਪ ਤਰਸ ਦੇ ਸਾਗਰ ਹੋਰ, ਸਾਡੇ `ਤੇ ਤਰਸ ਕਰਕੇ ਸਾਡੇ ਅੱਜ ਦੇ ਗੁਨਾਹ ਬਖਸ਼ ਲੈਣੇ ਤਾਂ ਕਿ ਸਾਨੂੰ ਕੱਲ੍ਹ ਨੂੰ ਅੰਮ੍ਰਿਤ ਵੇਲੇ ਪੰਜ ਬਾਣੀਆਂ ਦੇ ਨਿੱਤਨੇਮ ਦੀ ਹਾਜ਼ਰੀ ਮਿਲ ਸਕੇ। ਸਤਿਗੁਰਾਂ ਦੇ ਚਰਨਾਂ ਵਿੱਚ ਇੱਕ ਅਰਦਾਸ ਬੜੀ ਜਲਦੀ ਪ੍ਰਵਾਨ ਹੁੰਦੀ ਹੈ, ਓਹ ਅਰਦਾਸ ਹੈ ਗੁਨਾਹ ਦੇ ਕਬੂਲ ਕਰਨ ਦੀ। ਹੋਰਨਾਂ ਅਰਦਾਸਾਂ ਵਿੱਚ ਸਾਡੇ ਸੁਆਰਥ ਛੁਪੇ ਹੋਣਗੇ, ਪਰ ਜਦੋਂ ਗੁਨਾਹ ਦੀ ਤੌਬਾ ਲਈ ਰੋਜ਼ਾਨਾ ਅਰਦਾਸ ਕਰਾਂਗੇ ਤਾਂ ਇੱਕ ਨਾ ਇੱਕ ਦਿਨ ਸਤਿਗੁਰੂ ਆਪ ਆ ਕੇ ਬਚਨ ਕਰਨਗੇ: ਮੇਰਾ ਬੱਚਾ ਬਖਸ਼ਿਆ। ਇਹਨਾਂ ਤਿੰਨਾਂ ਸ਼ਬਦਾਂ ਦੀ ਪ੍ਰਾਪਤੀ ਲਈ ਜੇ ਸਾਡਾ ਇੱਕ ਜਨਮ ਵੀ ਲੱਗ ਜਾਵੇ ਤਾਂ ਵੀ ਘੱਟ ਹੈ, ਕਿਉਂਕਿ ਸਤਿਗੁਰਾਂ ਦੀ ਖੁਸ਼ੀ ਹੈ ਸਤਿਗਰਾਂ ਦੀ ਰਜ਼ਾ ਵਿੱਚ, ਭਾਣੇ ਵਿੱਚ।
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
Post a Comment
0 Comments